ਬਰੈਂਪਟਨ, -ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੋਕਾਂ ਨੂੰ ਸਲਾਨਾ ਇਨਕਮ ਟੈਕਸ ਦੀ ਰੀਟਰਨ ਭਰਨ ਸਮੇਂ ਕਲਾਈਮੇਟ ਐਕਸ਼ਨ ਇਨਸੈਂਟਿਵ ਰੀਬੇਟ ਲੈਣ ਬਾਰੇ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਟੈਕਸ ਭਰਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੀ ਸਲਾਨਾ ਰੀਟਰਨ ਭਰਨ ਸਮੇਂ ਉਨ੍ਹਾਂ ਨੂੰ ਵਾਤਾਵਰਣ ਸਬੰਧੀ ਮਿਲਣ ਵਾਲੀ ਰੀਬੇਟ ਲੈਣੀ ਭੁੱਲਣੀ ਨਹੀਂ ਚਾਹੀਦੀ।
ਇਸ ਰੀਬੇਟ ਦਾ ਲਾਭ ਲੈਣ ਲਈ ਲੋਕਾਂ ਨੂੰ ਇਨਕਮ ਟੈਕਸ ਦਾ ਫ਼ਾਰਮ ਭਰਨ ਸਮੇਂ ਇਸ ਵਿਚ ਦਿੱਤੇ ਗਏ ਕਲਾਈਮੇਟ ਐਕਸ਼ਨ ਇਨਸੈਂਨਟਿਵ ਵਾਲੇ ਖ਼ਾਨੇ ਨੂੰ ਚੈੱਕ ਕਰਨ, ਭਾਵ ਇਸ ਵਿਚ ਟਿੱਕ ਲਗਾਉਣ ਬਾਰੇ ਯਾਦ ਰੱਖਣਾ ਚਾਹੀਦਾ ਹੈ। ਇਹ ਟੈਕਸ ਲਾਭ ਹਰੇਕ ਪਰਿਵਾਰ ਲਈ ਵੱਖੋ-ਵੱਖਰਾ ਹੈ, ਪ੍ਰੰਤੂ 4 ਮੈਂਬਰਾਂ ਵਾਲੇ ਪਰਿਵਾਰ ਨੂੰ ਇਸ ਦਾ 300 ਡਾਲਰ ਸਲਾਨਾ ਤੋਂ ਉੱਪਰ ਹੀ ਫ਼ਾਇਦਾ ਹੋਵੇਗਾ।
ਵਾਤਾਵਰਣ ਨੂੰ ਸਾਫ਼ ਰੱਖਣ ਲਈ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਸ ਉੱਪਰ ਟੈਕਸ ਲਗਾਉਣ ਦੀ ਤਜਵੀਜ਼ ਫ਼ੈੱਡਰਲ ਸਰਕਾਰ ਵੱਲੋਂ ਦਿੱਤੀ ਗਈ ਹੈ। ਜਦੋਂ ਪ੍ਰਦੂਸ਼ਣ ਫੈਲਾਉਣ ਵਾਲੇ ਅਦਾਰਿਆਂ ਨੂੰ ਟੈਕਸ ਲੱਗੇਗਾ ਤਾਂ ਇਸ ਤੋਂ ਇਕੱਤਰ ਹੋਈ ਰਾਸ਼ੀ ਕੈਨੇਡਾ-ਵਾਸੀਆਂ ਨੂੰ ਕਲਾਈਮੇਟ ਐਕਸ਼ਨ ਇਨਸੈਂਟਿਵ ਰੀਬੇਟ ਦੇ ਰੂਪ ਵਿਚ ਵਾਪਸ ਕੀਤੀ ਜਾਏਗੀ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਐੱਮæਪੀæ ਸੋਨੀਆ ਸਿੱਧੂ ਨੇ ਕਿਹਾ, “ਮੈਂ ਸਾਰੇ ਬਰੈਂਪਟਨ-ਵਾਸੀਆਂ ਨੂੰ ਟੈਕਸ ਦੀ ਰੀਟਰਨ ਭਰਨ ਸਮੇਂ ਕਲਾਈਮੇਟ ਐਕਸ਼ਨ ਇਨਸੈਂਟਿਵ ਰੀਬੇਟ ਵਾਲੇ ਖ਼ਾਨੇ ਵਿਚ ਟਿੱਕ ਲਗਾਉਣ ਲਈ ਉਤਸ਼ਾਹਿਤ ਕਰਾਂਗੀ। ਵਾਤਾਵਰਣ ਵਿਚ ਤੇਜ਼ੀ ਨਾਲ ਆ ਰਹੀਆਂ ਤਬਦੀਲੀਆਂ ਦਾ ਮੁਕਾਬਲਾ ਕਰਨ ਲਈ ਸਾਡੀ ਸਰਕਾਰ ਕੋਲ ਇਕ ਵਧੀਆ ਤੇ ਜ਼ਿੰਮੇਵਾਰ ਪਲੈਨ ਹੈ ਜਿਸ ਰਾਹੀਂ ਪ੍ਰਦੂਸ਼ਣ ਦੀ ਕੀਮਤ ਚੁਕਾਈ ਜਾਏ ਅਤੇ ਉਸ ਦਾ ਲਾਭ ਵੀ ਕੈਨੇਡਾ-ਵਾਸੀਆਂ ਨੂੰ ਹੋਵੇ।